ਤੱਥ
ਸ਼ਰਾਬ ਪੀ ਕੇ ਗੱਡੀ ਚਲਾਉਣਾ ਖ਼ਤਰਨਾਕ ਕਿਉਂ ਹੈ
- ਸਾਡੀਆਂ ਸੜਕਾਂ 'ਤੇ ਮਰਨ ਵਾਲੇ 5 ਡਰਾਈਵਰਾਂ ਵਿੱਚੋਂ 1 ਦੇ ਖ਼ੂਨ ਵਿੱਚ ਸ਼ਰਾਬ ਦਾ ਗਾੜ੍ਹਾਪਣ (BAC) 0.05 ਜਾਂ ਇਸਤੋਂ ਵੱਧ ਹੁੰਦਾ ਹੈ।
- ਸ਼ਰਾਬ ਦੇ ਪ੍ਰਭਾਵ ਅਧੀਨ ਗੱਡੀ ਚਲਾਉਣਾ ਸੂਝ, ਨਜ਼ਰ, ਇਕਾਗਰਤਾ, ਪ੍ਰਤੀਕ੍ਰਿਆ ਕਰਨ ਦੇ ਸਮੇਂ 'ਤੇ ਅਸਰ ਪਾਉਂਦਾ ਹੈ ਅਤੇ ਜਾਗੋ-ਮੀਟੀ ਦਾ ਕਾਰਨ ਬਣਦਾ ਹੈ - ਇਹ ਸਾਰੇ ਹਾਦਸੇ ਦੇ ਜ਼ੋਖਮ ਨੂੰ ਵਧਾਉਂਦੇ ਹਨ।
- ਸ਼ਰਾਬ ਸਾਨੂੰ ਪੀਣ ਵਾਲੇ ਦਿਨ ਤੋਂ ਲੈ ਕੇ ਅਗਲੇ ਦਿਨ ਤੱਕ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦੀ ਹੈ - ਇਸ ਲਈ ਜਦੋਂ ਤੁਸੀਂ ਗੱਡੀ ਚਲਾਉਣ ਦੀ ਸੋਚ ਰਹੇ ਹੋਵੋ ਤਾਂ ਸ਼ਰਾਬ ਪੀਣ ਦੀ ਕਦੇ ਵੀ ਕੋਈ 'ਸੁਰੱਖਿਅਤ' ਮਾਤਰਾ ਨਹੀਂ ਹੁੰਦੀ ਹੈ।
- ਜੇਕਰ ਹਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਪਰਹੇਜ਼ ਕਰੇ, ਤਾਂ ਸੜਕ 'ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 20% ਤੱਕ ਘਟਾਈ ਜਾ ਸਕਦੀ ਹੈ। ਇਸ ਤਰ੍ਹਾਂ ਹਰ ਸਾਲ ਲਗਭਗ 50 ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਸ਼ਰਾਬ ਗੱਡੀ ਚਲਾਉਣ ਦੀ ਕਾਰਜ ਕੁਸ਼ਲਤਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
ਗੱਡੀ ਚਲਾਉਣਾ ਇੱਕ ਗੁੰਝਲਦਾਰ ਕੰਮ ਹੈ ਜਿਸ ਵਿੱਚ ਫ਼ੈਸਲੇ ਲੈਣ ਅਤੇ ਪੂਰਨ ਇਕਾਗਰਤਾ ਦੀ ਲੋੜ ਹੁੰਦੀ ਹੈ। ਸ਼ਰਾਬ ਗੱਡੀ ਚਲਾਉਣ ਵਾਲੇ ਦੀ ਉਹਨਾਂ ਕਾਰਵਾਈਆਂ ਨੂੰ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਰੱਖਣ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੀ ਹੈ।
BAC ਦੇ ਪੱਧਰ ਅਤੇ ਪ੍ਰਭਾਵ:
- 0.02 ਤੋਂ 0.05 BAC -ਗਤੀਮਾਨ ਲਾਈਟਾਂ ਨੂੰ ਸਹੀ ਢੰਗ ਨਾਲ ਦੇਖਣ ਜਾਂ ਲੱਭਣ ਦੀ ਸਮਰੱਥਾ ਘੱਟ ਜਾਂਦੀ ਹੈ, 'ਤੇ ਨਾਲ ਹੀ ਦੂਰੀ ਬਾਰੇ ਫ਼ੈਸਲਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਜ਼ੋਖਮ ਲੈਣ ਦੀ ਪ੍ਰਵਿਰਤੀ ਵੱਧ ਜਾਂਦੀ ਹੈ, ਅਤੇ ਕਈ ਉਤੇਜਨਾਵਾਂ ਦਾ ਜਵਾਬ ਦੇਣ ਦੀ ਸਮਰੱਥਾ ਘੱਟ ਜਾਂਦੀ ਹੈ।
- 0.05 ਤੋਂ 0.08 BAC - ਦੂਰੀਆਂ ਦਾ ਨਿਰਣਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ, ਲਾਲ ਬੱਤੀਆਂ ਪ੍ਰਤੀ ਸੰਵੇਦਨਸ਼ੀਲਤਾ ਕਮਜ਼ੋਰ ਹੋ ਜਾਂਦੀ ਹੈ, ਪ੍ਰਤੀਕਰਮ ਹੌਲੀ ਹੋ ਜਾਂਦੇ ਹਨ ਅਤੇ ਇਕਾਗਰਤਾ ਦੀ ਮਿਆਦ ਘੱਟ ਜਾਂਦੀ ਹੈ। 0.08 'ਤੇ BAC ਡਰਾਈਵਰਾਂ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ ਪੰਜ ਗੁਣਾ ਜ਼ਿਆਦਾ ਹੁੰਦੀ ਹੈ।
- 0.08 ਤੋਂ 0.12 BAC - ਲੋਰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ, ਆਪਣੀ ਕਾਬਲੀਅਤ ਨੂੰ ਵੱਧ ਅੰਕਣਾ ਲਾਪਰਵਾਹੀ ਨਾਲ ਗੱਡੀ ਚਲਾਉਣ, ਘੇਰਾ ਦ੍ਰਿਸ਼ਟੀ ਅਤੇ ਰੁਕਾਵਟਾਂ ਬਾਰੇ ਸੂਝ ਨੂੰ ਕਮਜ਼ੋਰ ਕਰਦੀ ਹੈ। ਡਰਾਈਵਰਾਂ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 10 ਗੁਣਾ ਜ਼ਿਆਦਾ ਹੁੰਦੀ ਹੈ।
ਡਰਾਈਵਰ ਦਾ BAC ਇੱਕ ਸਧਾਰਨ ਸਾਹ ਦੀ ਜਾਂਚ ਪ੍ਰਕਿਰਿਆ ਦੁਆਰਾ ਮਾਪਿਆ ਜਾਂਦਾ ਹੈ। ਬਹੁਤੇ ਲੋਕਾਂ ਨੂੰ ਆਪਣੇ ਖ਼ੂਨ ਵਿਚ ਸ਼ਰਾਬ ਦੇ ਪੱਧਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਲੱਗਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਕਾਰਕ ਹਨ ਜਿਨ੍ਹਾਂ 'ਤੇ ਤੁਹਾਨੂੰ ਵਿਚਾਰ ਕਰਨ ਦੀ ਲੋੜ ਹੁੰਦੀ ਹੈ।
ਇਹਨਾਂ ਵਿੱਚ ਸ਼ਾਮਲ ਹਨ:
- ਸਮਾਂ - ਜਿਵੇਂ ਕਿ ਤੁਹਾਡਾ ਸਰੀਰ ਦਿਨ ਦੇ ਵੱਖ-ਵੱਖ ਸਮਿਆਂ ਵਿੱਚ ਵੱਧ ਊਰਜਾ ਵਰਤਦਾ ਹੈ, ਉਸੇ ਤਰ੍ਹਾਂ ਉਹ ਸਮਾਂ ਉਸ ਦਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜਿਸ ਨਾਲ ਤੁਹਾਡਾ ਸਰੀਰ ਸ਼ਰਾਬ ਨੂੰ ਜ਼ਜ਼ਬ ਕਰਦਾ ਹੈ।
- ਲਿੰਗ - ਆਮ ਤੌਰ 'ਤੇ, ਮਰਦ ਅਤੇ ਔਰਤਾਂ ਵੱਖ-ਵੱਖ ਦਰਾਂ 'ਤੇ ਸ਼ਰਾਬ ਨੂੰ ਜ਼ਜ਼ਬ ਕਰਦੇ ਹਨ।
- ਉਮਰ - ਵੱਧ ਜਾਂ ਘੱਟ ਉਮਰ ਹੋਣਾ ਇਸ ਗੱਲ 'ਤੇ ਅਸਰ ਪਾ ਸਕਦਾ ਹੈ ਕਿ ਤੁਹਾਡਾ ਸਰੀਰ ਕਿੰਨੀ ਸ਼ਰਾਬ ਨੂੰ ਜ਼ਜ਼ਬ ਕਰ ਸਕਦਾ ਹੈ।
- ਭਾਰ - ਤੁਹਾਡਾ ਆਕਾਰ ਅਤੇ ਸਰੀਰ ਵਿਚ ਚਰਬੀ ਦੀ ਪ੍ਰਤੀਸ਼ਤਤਾ ਪ੍ਰਭਾਵਿਤ ਕਰ ਸਕਦੀ ਹੈ ਕਿ ਤੁਹਾਡਾ ਸਰੀਰ ਕਿੰਨੀ ਤੇਜ਼ੀ ਨਾਲ ਸ਼ਰਾਬ ਨੂੰ ਜ਼ਜ਼ਬ ਕਰਦਾ ਹੈ।
- ਸਿਹਤ - ਬਹੁਤ ਸਾਰੀਆਂ ਡਾਕਟਰੀ ਸਥਿਤੀਆਂ ਅਤੇ ਦਵਾਈਆਂ ਪ੍ਰਭਾਵਿਤ ਕਰ ਸਕਦੀਆਂ ਹਨ ਕਿ ਤੁਹਾਡਾ ਸਰੀਰ ਸ਼ਰਾਬ ਨੂੰ ਕਿਵੇਂ ਜ਼ਜ਼ਬ ਕਰਦਾ ਹੈ।
- ਤੁਸੀਂ ਖਾਧਾ ਹੈ ਜਾਂ ਨਹੀਂ - ਖਾਣਾ ਤੁਹਾਡੇ ਸਰੀਰ ਦੀ ਸ਼ਰਾਬ ਜ਼ਜ਼ਬ ਕਰਨ ਦੀ ਦਰ ਨੂੰ ਹੌਲੀ ਕਰ ਸਕਦਾ ਹੈ, ਪਰ ਇਹ ਇਸ ਗੱਲ ਦੀ ਗਾਰੰਟੀ ਨਹੀਂ ਦੇਵੇਗਾ ਕਿ ਤੁਸੀਂ ਸੀਮਾ ਦੇ ਹੇਠਾਂ ਹੋਵੋਗੇ।
- ਸ਼ਰਾਬ ਪ੍ਰਤੀ ਸਹਿਣਸ਼ੀਲਤਾ - ਹਰ ਵਿਅਕਤੀ ਦਾ ਸਰੀਰ ਸ਼ਰਾਬ ਨੂੰ ਵੱਖਰੇ ਢੰਗ ਨਾਲ ਜ਼ਜ਼ਬ ਕਰਦਾ ਹੈ, ਅਤੇ ਤੁਸੀਂ ਅਸਲ ਵਿੱਚ ਕਦੇ ਨਹੀਂ ਜਾਣ ਸਕਦੇ ਕਿ ਤੁਹਾਡੇ ਸਰੀਰ ਨੂੰ ਸ਼ਰਾਬ ਜ਼ਜ਼ਬ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ।
ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਜ਼ੁਰਮਾਨੇ
ਜੇਕਰ ਤੁਸੀਂ 0.05 ਜਾਂ ਇਸਤੋਂ ਵੱਧ ਦੀ BAC ਨਾਲ ਗੱਡੀ ਚਲਾਉਂਦੇ ਹੋਏ ਫੜੇ ਗਏ, ਤਾਂ ਤੁਸੀਂ:
- ਘੱਟੋ-ਘੱਟ 3 ਮਹੀਨਿਆਂ ਲਈ ਆਪਣਾ ਲਾਇਸੈਂਸ ਗੁਆ ਦਿਓਗੇ।
- ਆਪਣੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਣ ਦੇ ਅਪਰਾਧ ਦੇ ਬੁਨਿਆਦੀ ਕਾਰਨ ਦੀ ਪਛਾਣ ਕਰਨ ਅਤੇ ਦੁਬਾਰਾ ਇਹ ਅਪਰਾਧ ਹੋਣ ਦੇ ਜ਼ੋਖਮ ਨੂੰ ਘਟਾਉਣ ਦੇ ਤਰੀਕਿਆਂ ਦੀ ਪਛਾਣ ਕਰਨ ਵਿੱਚ ਮੱਦਦ ਕਰਨ ਲਈ ਇੱਕ ਲਾਜ਼ਮੀ ਵਿਵਹਾਰ ਤਬਦੀਲੀ ਪ੍ਰੋਗਰਾਮ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ।
- ਘੱਟੋ-ਘੱਟ 6 ਮਹੀਨਿਆਂ ਲਈ ਤੁਹਾਡੇ ਦੁਆਰਾ ਚਲਾਏ ਜਾਣ ਵਾਲੇ ਹਰੇਕ ਵਾਹਨ ਵਿੱਚ ਅਲਕੋਹਲ ਇੰਟਰਲਾਕ ਲਗਾਉਣ ਅਤੇ ਰੱਖ-ਰਖਾਅ ਕਰਨ ਲਈ ਭੁਗਤਾਨ ਕਰਨ ਦੀ ਲੋੜ ਹੋਵੇਗੀ।
ਅਲਕੋਹਲ ਇੰਟਰਲਾਕ ਇੱਕ ਇਲੈਕਟ੍ਰਾਨਿਕ ਸਾਹ ਟੈਸਟ ਕਰਨ ਵਾਲਾ ਯੰਤਰ ਹੁੰਦਾ ਹੈ ਜੋ ਕਿਸੇ ਵਾਹਨ ਨੂੰ ਚਾਲੂ ਹੋਣ ਤੋਂ ਰੋਕਦਾ ਹੈ ਜੇਕਰ ਇਸ ਵਿੱਚ ਸ਼ਰਾਬ ਪੀਤੀ ਹੋਣ ਦਾ ਪਤਾ ਲੱਗਦਾ ਹੈ। ਇਹ ਅਲਕੋਹਲ ਇੰਟਰਲਾਕ ਤੁਹਾਡੀ ਯਾਤਰਾ ਦੌਰਾਨ ਸਾਹ ਦੀ ਜਾਂਚ ਲਈ ਵੀ ਬੇਨਤੀ ਕਰਦਾ ਹੈ। - ਘੱਟੋ-ਘੱਟ 3 ਸਾਲਾਂ ਲਈ ਜ਼ੀਰੋ BAC ਨਾਲ ਗੱਡੀ ਚਲਾਉਣ ਦੀ ਲੋੜ ਹੋਵੇਗੀ।
- ਸਭ ਤੋਂ ਵੱਧ ਗੰਭੀਰ ਅਪਰਾਧਾਂ ਲਈ ਜੇਲ੍ਹ ਜਾਣ ਦਾ ਜ਼ੋਖਮ ਹੋਵੇਗਾ।
ਇਹਨਾਂ ਜ਼ੁਰਮਾਨਿਆਂ ਤੋਂ ਇਲਾਵਾ:
- ਵਿਕਟੋਰੀਆ ਪੁਲਿਸ ਕੋਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੁੱਝ ਅਪਰਾਧਾਂ ਲਈ ਤੁਹਾਡਾ ਲਾਇਸੈਂਸ ਜਾਂ ਸਿਖਾਂਦਰੂ ਪਰਮਿਟ ਤੁਰੰਤ ਮੁਅੱਤਲ ਕਰਨ ਦੀ ਸ਼ਕਤੀ ਹੈ।
- ਜੁਰਮ ਦੇ ਸਮੇਂ ਤੁਸੀਂ ਜਿਸ ਵਾਹਨ ਨੂੰ ਚਲਾ ਰਹੇ ਸੀ, ਉਸਨੂੰ ਜ਼ਬਤ ਕੀਤਾ ਜਾ ਸਕਦਾ ਹੈ (ਭਾਵੇਂ ਤੁਸੀਂ ਇਸ ਦੇ ਮਾਲਕ ਹੋ ਜਾਂ ਨਹੀਂ)।
ਇਹ ਜ਼ੁਰਮਾਨੇ ਉਹਨਾਂ ਵਪਾਰਕ ਡਰਾਈਵਰਾਂ 'ਤੇ ਵੀ ਲਾਗੂ ਹੁੰਦੇ ਹਨ ਜੋ 0.05 ਤੋਂ ਘੱਟ BAC ਹੋਣ ਨਾਲ ਆਪਣਾ ਪਹਿਲਾ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਅਪਰਾਧ ਕਰਦੇ ਹਨ। ਇਹ ਜ਼ੁਰਮਾਨੇ 0.05 ਤੋਂ ਘੱਟ BAC ਹੋਣ ਵਾਲੇ ਡਰਾਈਵਰਾਂ 'ਤੇ ਵੀ ਲਾਗੂ ਹੁੰਦੇ ਹਨ ਜੋ ਜ਼ੀਰੋ-ਅਲਕੋਹਲ ਲਾਇਸੈਂਸ ਰੱਖਦੇ ਹਨ, ਜਿਵੇਂ ਕਿ ਟੈਕਸੀ ਡਰਾਈਵਰ ਅਤੇ ਭਾਰੀ ਟਰੱਕ ਡਰਾਈਵਰ।
ਜੇਕਰ ਤੁਸੀਂ ਲਰਨਰ ਡਰਾਈਵਰ ਜਾਂ P ਪਲੇਟ ਵਾਲੇ ਹੋ, ਤਾਂ ਗੱਡੀ ਚਲਾਉਣ ਵੇਲੇ ਤੁਹਾਡੀ BAC 0.00 ਹੋਣੀ ਚਾਹੀਦੀ ਹੈ। ਜ਼ੁਰਮਾਨਿਆਂ ਬਾਰੇ ਹੋਰ ਜਾਣਕਾਰੀ VicRoads ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ।
ਸ਼ਰਾਬ ਅਤੇ ਨਸ਼ੇ ਦੋਨੋਂ ਕਰਨ ਤਹਿਤ ਗੱਡੀ ਚਲਾਉਣ ਦਾ ਅਪਰਾਧ
ਸ਼ਰਾਬ ਅਤੇ ਨਸ਼ੇ ਦੋਨੋਂ ਕਰਕੇ ਗੱਡੀ ਚਲਾਉਣ ਦੇ ਅਪਰਾਧ (ਤੁਹਾਡੇ ਸਰੀਰ ਵਿੱਚ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਮੌਜ਼ੂਦਗੀ ਹੋਣ ਨਾਲ ਡਰਾਈਵਿੰਗ ਕਰਦੇ ਫੜ੍ਹੇ ਗਏ) ਵਿੱਚ ਇਕੱਲੀ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਇਕੱਲਾ ਨਸ਼ਾ ਕਰਕੇ ਗੱਡੀ ਚਲਾਉਣ ਦੇ ਅਪਰਾਧ ਨਾਲੋਂ ਵੱਧ ਜ਼ੁਰਮਾਨੇ ਹਨ।
ਜਦੋਂ ਸੜਕ ਕਿਨਾਰੇ ਕੀਤੇ ਜਾਣ ਵਾਲੇ ਥੁੱਕ ਦੇ ਟੈਸਟ, ਜਾਂ ਖ਼ੂਨ ਜਾਂ ਪਿਸ਼ਾਬ ਦੇ ਨਮੂਨੇ ਰਾਹੀਂ ਗ਼ੈਰ-ਕਾਨੂੰਨੀ ਪਦਾਰਥਾਂ ਦਾ ਪਤਾ ਲਗਾਇਆ ਜਾਂਦਾ ਹੈ ਤਾਂ ਤੁਹਾਡੇ 'ਤੇ ਸ਼ਰਾਬ ਅਤੇ ਨਸ਼ੇ ਦੋਨੋਂ ਕਰਕੇ ਗੱਡੀ ਚਲਾਉਣ ਦੇ ਅਪਰਾਧ ਦਾ ਦੋਸ਼ ਲਗਾਇਆ ਜਾ ਸਕਦਾ ਹੈ।
ਤੁਸੀਂ ਸੁਰੱਖਿਅਤ ਰਹਿਣ ਲਈ ਕੀ ਕਰ ਸਕਦੇ ਹੋ
ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਬਚਣ ਦਾ ਸਿਰਫ਼ ਇੱਕ ਤਰੀਕਾ ਹੈ - ਜੇਕਰ ਤੁਸੀਂ ਸ਼ਰਾਬ ਪੀਣ ਦੀ ਸੋਚ ਰਹੇ ਹੋ, ਤਾਂ ਗੱਡੀ ਨਾ ਚਲਾਉਣ ਬਾਰੇ ਸੋਚੋ।
- ਜੇਕਰ ਤੁਸੀਂ ਅਜਿਹੀ ਥਾਂ 'ਤੇ ਹੋ ਜਿੱਥੇ ਜਨਤਕ ਆਵਾਜਾਈ ਦੇ ਸੀਮਤ ਵਿਕਲਪ ਹਨ, ਤਾਂ ਕਿਸੇ ਇੱਕ ਵਿਅਕਤੀ ਨੂੰ ਡਰਾਈਵਰ ਮਿਥੋ, ਜਾਂ ਰਾਤ ਨੂੰ ਰੁਕਣ ਦਾ ਪ੍ਰਬੰਧ ਕਰੋ।
- ਜਨਤਕ ਆਵਾਜਾਈ ਦੀ ਵਰਤੋਂ ਕਰੋ, ਦੇਰ ਰਾਤ ਵਾਲੇ ਆਵਾਜਾਈ ਵਿਕਲਪ ਵੀ ਮੌਜ਼ੂਦ ਹਨ ਜਿਵੇਂ ਕਿ ਨਾਈਟਰਾਈਡਰ ਬੱਸ।
- ਟੈਕਸੀ, ਊਬਰ, ਜਾਂ ਹੋਰ ਰਾਈਡਸ਼ੇਅਰ ਵਿਕਲਪ ਬੁੱਕ ਕਰੋ।
ਅਸੀਂ ਸ਼ਰਾਬ ਪੀ ਕੇ ਗੱਡੀ ਚਲਾਉਣ ਬਾਰੇ ਕੀ ਕਰ ਰਹੇ ਹਾਂ
- 10 ਨਵੀਆਂ ਮਕਸਦ ਨਾਲ ਬਣਾਈਆਂ ਗਈਆਂ ਮੋਬਾਈਲ ਡਰੱਗ ਅਤੇ ਅਲਕੋਹਲ ਟੈਸਟਿੰਗ ਯੂਨਿਟਾਂ ਜਿਨ੍ਹਾਂ ਨੂੰ ‘ਡਰੱਗ ਐਂਡ ਬੂਜ਼ ਬੱਸਾਂ’ ਵਜੋਂ ਜਾਣਿਆ ਜਾਂਦਾ ਹੈ, ਸ਼ੁਰੂ ਕੀਤੀਆਂ ਗਈਆਂ ਹਨ।
- ਨਵੀਆਂ ਤਕਨੀਕਾਂ ਦੀ ਅਜ਼ਮਾਇਸ਼ ਕਰ ਰਹੇ ਹਾਂ ਜੋ ਸਾਡੀਆਂ ਸੜਕਾਂ 'ਤੇ ਗੰਭੀਰ ਸੱਟਾਂ ਅਤੇ ਮੌਤਾਂ ਨੂੰ ਰੋਕਣਗੀਆਂ।
- ਸਾਰੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਦੇ ਵਾਹਨਾਂ ਵਿੱਚ ਅਲਕੋਹਲ ਇੰਟਰਲਾਕ ਯੰਤਰਾਂ (ਜੋ ਡਰਾਈਵਰ ਨੂੰ ਵਾਹਨ ਚਾਲੂ ਕਰਨ ਤੋਂ ਰੋਕਦੇ ਹਨ ਜੇਕਰ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ) ਨੂੰ ਫਿੱਟ ਕਰਨਾ ਜਦੋਂ ਉਹ ਦੁਬਾਰਾ ਲਾਇਸੈਂਸ ਪ੍ਰਾਪਤ ਕਰਦੇ ਹਨ। ਵਿਕਟੋਰੀਆ ਦੇ ਇੱਕ ਖੋਜ-ਅਧਿਐਨ ਵਿੱਚ ਪਾਇਆ ਗਿਆ ਕਿ ਦੁਬਾਰਾ ਲਾਇਸੈਂਸ ਦੇਣ 'ਤੇ ਇੱਕ ਇੰਟਰਲਾਕ ਫਿੱਟ ਕਰਨ ਦੀ ਸ਼ਰਤ ਨਾਲ, ਡਰਾਈਵਰਾਂ ਵਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਨੂੰ ਦੁਹਰਾਉਣ ਵਾਲੇ ਅਪਰਾਧ ਵਿੱਚ 79% ਕਮੀ ਪਾਈ ਗਈ ਹੈ।
- ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਨਸ਼ਾਖੋਰੀ ਦੇ ਵਿਆਪਕ ਮੁੱਦੇ ਨਾਲ ਨਜਿੱਠ ਰਹੇ ਹਾਂ
- ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਵਿਵਹਾਰ ਨੂੰ ਦੁਹਰਾਉਣ ਵਾਲੇ ਅਪਰਾਧੀਆਂ ਲਈ ਜੀਵਨਭਰ ਲਈ ਜ਼ੀਰੋ-ਬਲੱਡ ਅਲਕੋਹਲ ਸੀਮਾ ਹੋਣ ਦੀਆਂ ਸ਼ਰਤਾਂ ਵਿਚਾਰ ਰਹੇ ਹਾਂ।
- ਸਾਰੇ ਡਰਾਈਵਰਾਂ ਲਈ ਸ਼ਰਾਬ ਪੀਣ ਅਤੇ ਗੱਡੀ ਚਲਾਉਣ ਨੂੰ ਵੱਖ ਵੱਖ ਕਰਨ ਦੇ ਲਾਭਾਂ ਦਾ ਪ੍ਰਚਾਰ ਕਰ ਰਹੇ ਹਾਂ
- ਸੁਰੱਖਿਅਤ ਡਰਾਈਵਿੰਗ ਸੰਦੇਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਕਲੱਬਾਂ, ਤਿਉਹਾਰਾਂ ਅਤੇ ਕਾਰਪੋਰੇਸ਼ਨਾਂ ਨਾਲ ਭਾਈਵਾਲੀ ਕਰ ਰਹੇ ਹਾਂ