ਸੁਰੱਖਿਅਤ ਵਾਹਨ
ਤੱਥ
ਵਾਹਨਾਂ ਦੀ ਸੁਰੱਖਿਆ ਲਗਾਤਾਰ ਉੱਨਤ ਹੋ ਰਹੀ ਹੈ, ਅਤੇ ਨਵੀਆਂ ਤਕਨੀਕਾਂ ਡਰਾਈਵਰਾਂ, ਯਾਤਰੀਆਂ ਅਤੇ ਹੋਰ ਸੜਕ ਉਪਭੋਗਤਾਵਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਸਹਾਇਤਾ ਕਰ ਰਹੀਆਂ ਹਨ।
- ਵਿਕਟੋਰੀਆ ਵਿੱਚ ਵਾਹਨ ਦੀ ਔਸਤ ਉਮਰ 10 ਸਾਲ ਤੋਂ ਵੱਧ ਹੈ।
- 4 ਜਾਂ 5 ਸਟਾਰ ਸੁਰੱਖਿਆ ਰੇਟਿੰਗ ਵਾਲੇ ਵਾਹਨ ਵਿੱਚ ਤੁਹਾਡੇ ਮਰਨ ਜਾਂ ਗੰਭੀਰ ਸੱਟ ਲੱਗਣ ਦਾ ਜ਼ੋਖਮ ਘੱਟ ਹੋਵੇਗਾ।
- ਬਜ਼ੁਰਗ ਡਰਾਈਵਰਾਂ (70+) ਅਤੇ ਘੱਟ ਉਮਰ ਦੇ ਡਰਾਈਵਰਾਂ ਦੀ ਘੱਟ ਸੁਰੱਖਿਅਤ ਵਾਹਨ ਚਲਾ ਰਹੇ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ।
- ਜਦੋਂ ਤੁਸੀਂ ਕੋਈ ਨਵਾਂ ਵਾਹਨ ਖ਼ਰੀਦਣਾ ਚਾਹੁੰਦੇ ਹੋ ਤਾਂ ਇਹ ਪਤਾ ਕਰਨਾ ਅਹਿਮ ਹੁੰਦਾ ਹੈ ਕਿ ਇਸ ਵਿੱਚ ਕਿਹੜੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਹਨ। How Safe is Your Car (ਹਾਉ ਸੇਫ਼ ਇਜ਼ ਯੂਅਰ ਕਾਰ/ਤੁਹਾਡੀ ਕਾਰ ਕਿੰਨੀ ਸੁਰੱਖਿਅਤ ਹੈ) ਵੈੱਬਸਾਈਟ ਇਸ ਪਤਾ ਲਗਾਉਣ ਲਈ ਸ਼ੁਰੂਆਤ ਕਰਨ ਲਈ ਇੱਕ ਵਧੀਆ ਥਾਂ ਹੈ। ਤੁਸੀਂ 5,000 ਡਾਲਰ ਤੋਂ ਘੱਟ ਕੀਮਤ ਵਿੱਚ ਇੱਕ 4 ਜਾਂ 5 ਸਟਾਰ ਸੁਰੱਖਿਆ ਦਰਜਾ ਪ੍ਰਾਪਤ ਵਾਹਨ ਲੱਭ ਸਕਦੇ ਹੋ, ਇਸ ਲਈ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡਾ ਬਜਟ ਕੀ ਹੈ ਤੁਹਾਡੇ ਲਈ ਇੱਕ ਢੁੱਕਵਾਂ ਵਾਹਨ ਹੋਵੇਗਾ।
ਪਤਾ ਕਰਨ ਲਈ ਅਹਿਮ ਕਾਰ ਸੁਰੱਖਿਆ ਵਿਸ਼ੇਸ਼ਤਾਵਾਂ:
- Electronic Stability Control (ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ) (ESC) - ਪਤਾ ਲਗਾਉਂਦਾ ਹੈ ਜਦੋਂ ਕੋਈ ਵਾਹਨ ਕੰਟਰੋਲ ਤੋਂ ਬਾਹਰ ਹੋ ਰਿਹਾ ਹੈ। ਇਹ ਸਥਿਰਤਾ ਬਰਕਰਾਰ ਰੱਖਣ ਅਤੇ ਵਾਹਨ ਨੂੰ ਨਿਰਧਾਰਿਤ ਦਿਸ਼ਾ ਵਿੱਚ ਚਲਾਉਣ ਲਈ ਪਹੀਆਂ ਨੂੰ ਲੱਗੀਆਂ ਅਲੱਗ-ਅਲੱਗ ਬ੍ਰੇਕਾਂ ਨੂੰ ਲਗਾਉਂਦਾ ਹੈ।
- Auto Emergency Braking (ਆਟੋ ਐਮਰਜੈਂਸੀ ਬ੍ਰੇਕਿੰਗ) (AEB) - AEB ਨਾਲ ਫਿੱਟ ਕਾਰਾਂ ਦੀ ਆਪਣੇ ਸਾਹਮਣੇ ਜਾਂਦੇ ਵਾਹਨ ਨਾਲ ਟਕਰਾਉਣ ਦੀ ਸੰਭਾਵਨਾ ਉਨ੍ਹਾਂ ਕਾਰਾਂ ਦੇ ਮੁਕਾਬਲੇ 38% ਘੱਟ ਹੁੰਦੀ ਹੈ ਜਿਨ੍ਹਾਂ ਵਿੱਚ AEB ਨਹੀਂ ਹੈ।
- Lane Departure Warning (ਲੇਨ ਡਿਪਾਰਚਰ ਵਾਰਨਿੰਗ) - ਡਰਾਈਵਰ ਨੂੰ ਚੇਤਾਵਨੀ ਦਿੰਦੀ ਹੈ ਕਿ ਕਾਰ ਲਕੀਰ ਨੂੰ ਪਾਰ ਕਰਨ ਅਤੇ ਆਪਣੀ ਕਤਾਰ ਵਿੱਚੋਂ ਬਾਹਰ ਨਿਕਲਣ ਦੇ ਨੇੜੇ ਆ ਰਹੀ ਹੈ।
- Seatbelt Pre-tensioners (ਸੀਟਬੈਲਟ ਪ੍ਰੀ-ਟੈਂਸ਼ਨਰ) - ਝਟਕਾ ਲੱਗਣ ਤੋਂ ਪਹਿਲਾਂ ਦੇ ਪਲਾਂ ਵਿੱਚ ਸੀਟਬੈਲਟਾਂ ਨੂੰ ਕੱਸ ਕੇ ਖਿੱਚਦੇ ਹਨ, ਟੱਕਰ ਵਿੱਚ ਸ਼ਾਮਿਲ ਕਾਰ ਸਵਾਰਾਂ ਦੀ ਸੁਰੱਖਿਆ ਕਰਦੇ ਹਨ।
- Airbags (ਏਅਰਬੈਗ) - ਜਦੋਂ ਸਹੀ ਢੰਗ ਨਾਲ ਪਹਿਨੀਆਂ ਗਈਆਂ ਸੀਟਬੈਲਟਾਂ ਦੇ ਨਾਲ ਸੁਮੇਲ ਵਿੱਚ ਵਰਤੇ ਜਾਂਦੇ ਹਨ, ਤਾਂ ਸਾਹਮਣੇ ਲੱਗੇ ਏਅਰਬੈਗ ਸਾਹਮਣੇ ਤੋਂ ਹੋਈ ਟੱਕਰ ਵਿੱਚ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰਦੇ ਹਨ।
- ਸਾਈਡ ਕਰਟਨ ਏਅਰਬੈਗ - ਪਾਸੇ ਤੋਂ ਹੋਏ ਟਕਰਾਅ ਦੀ ਸਥਿਤੀ ਵਿੱਚ, ਸਾਈਡ ਕਰਟਨ ਏਅਰਬੈਗ ਦਰਵਾਜ਼ੇ ਦੇ ਉੱਪਰ ਦੀ ਰੇਲਿੰਗ ਤੋਂ ਇੱਕ ਪਰਦੇ ਵਾਂਗ ਡਿੱਗਦੇ ਹਨ। ਉਹ ਕਿਸੇ ਹੋਰ ਵਾਹਨ ਜਾਂ ਵਸਤੂ ਦੇ ਪੂਰੇ ਝਟਕੇ ਦੇ ਪ੍ਰਤੀ ਸਿਰ ਨੂੰ ਨਰਮ ਸੁਰੱਖਿਆ ਦਿੰਦੇ ਹਨ। ਪਾਸੇ ਤੋਂ ਹੋਈਆਂ ਟੱਕਰਾਂ ਵਿੱਚ ਡਰਾਈਵਰਾਂ ਦੀਆਂ ਮੌਤਾਂ ਵਿੱਚ 37% ਦੀ ਕਮੀ ਆਈ ਹੈ।
- Crumple Zones (ਕਰੰਪਲ ਜ਼ੋਨ) - ਵਾਹਨ ਦਾ ਉਹ ਹਿੱਸਾ, ਖ਼ਾਸ ਤੌਰ 'ਤੇ ਬਹੁਤ ਅੱਗੇ ਅਤੇ ਪਿੱਛੇ ਦਾ, ਜੋ ਕਿਸੇ ਟੱਕਰ ਵਿੱਚ ਆਸਾਨੀ ਨਾਲ ਟੁੱਟਣ/ ਸੁੰਗੜਨ ਅਤੇ ਉਸ ਕਾਰ ਦੇ ਸਵਾਰਾਂ ਦੀ ਸੁਰੱਖਿਆ ਲਈ ਝਟਕੇ ਦੀ ਮੁੱਖ ਸ਼ਕਤੀ ਨੂੰ ਜਜ਼ਬ ਕਰਨ ਲਈ ਤਿਆਰ ਕੀਤਾ ਗਿਆ ਹੁੰਦਾ ਹੈ।
- ਸਪੀਡ ਅਸਿਸਟੈਂਸ ਸਿਸਟਮ - ਡਰਾਈਵਰਾਂ ਨੂੰ ਸਪੀਡ ਸੀਮਾਵਾਂ ਦੇ ਅੰਦਰ ਰਹਿਣ ਵਿੱਚ ਮੱਦਦ ਕਰਦਾ ਹੈ। ਸਪੀਡ ਸੀਮਾਵਾਂ ਨਾਲ ਮੇਲ ਖਾਂਦੇ ਸੜਕੀ ਨੈੱਟਵਰਕ ਦੇ ਇਲੈਕਟ੍ਰਾਨਿਕ ਨਕਸ਼ੇ ਨਾਲ, Intelligent Speed Assist (ਇੰਟੈਲੀਜੈਂਟ ਸਪੀਡ ਅਸਿਸਟ) (ISA) ਫੰਕਸ਼ਨ ਡਰਾਈਵਰਾਂ ਨੂੰ ਸਪੀਡ ਸੀਮਾ ਤੋਂ ਵੱਧ ਹੋਣ 'ਤੇ ਹੌਲੀ ਹੋਣ ਦੀ ਚੇਤਾਵਨੀ ਦਿੰਦਾ ਹੈ।
- Strong Occupant Compartment (ਸਟ੍ਰੌਂਗ ਆਕੂਪੈਂਟ ਕੰਪਾਰਟਮੈਂਟ) – ਵਾਹਨ ਦੇ ਕੈਬਿਨ ਨੂੰ ਡਰਾਈਵਰ ਅਤੇ ਯਾਤਰੀਆਂ ਵਾਲੀ ਜਗ੍ਹਾ ਦੀ ਸੁਰੱਖਿਆ ਕਰਨ ਲਈ ਦੁਰਘਟਨਾ ਵਿੱਚ ਆਪਣੀ ਬਣਾਵਟ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।
ਸੁਰੱਖਿਅਤ ਵਾਹਨ ਫਲੀਟ
ਰੁਜ਼ਗਾਰਦਾਤਾ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੁੰਦੇ ਹਨ ਕਿ ਕੰਪਨੀ ਦੀਆਂ ਕਾਰਾਂ ਜੋ ਉਹਨਾਂ ਦੇ ਕਰਮਚਾਰੀਆਂ ਵੱਲੋਂ ਚਲਾਈਆ ਜਾਂਦੀਆਂ ਹਨ ਉਹ ਸਹੀ ਮਕੈਨੀਕਲ ਸਥਿਤੀ ਵਿੱਚ ਹਨ ਅਤੇ ਉਹਨਾਂ ਦੀ ਉੱਚ ਸੁਰੱਖਿਆ ਰੇਟਿੰਗ ਹੈ। ਉਹਨਾਂ ਨੂੰ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਕਰਮਚਾਰੀ ਆਪਣੀਆਂ ਕੰਪਨੀ ਦੀਆਂ ਕਾਰਾਂ ਵਿੱਚ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਲਈ ਵਚਨਬੱਧ ਹਨ। ਇਸ ਲਈ ਅਸੀਂ ਸਾਰੇ ਕਾਰੋਬਾਰਾਂ ਨੂੰ ਆਪਣੇ ਕਰਮਚਾਰੀਆਂ ਅਤੇ ਭਾਈਚਾਰੇ ਦੀ ਸੁਰੱਖਿਆ ਲਈ fleet safety policy (ਫਲੀਟ ਸੁਰੱਖਿਆ ਨੀਤੀ) ਅਪਣਾਉਣ ਲਈ ਉਤਸ਼ਾਹਿਤ ਕਰਦੇ ਹਾਂ।
- ਸੜਕ ਦੁਰਘਟਨਾਵਾਂ ਕੰਮ ਸੰਬੰਧੀ ਮੌਤਾਂ, ਸੱਟਾਂ ਅਤੇ ਕੰਮ ਤੋਂ ਗੈਰਹਾਜ਼ਰੀ ਦਾ ਸਭ ਤੋਂ ਆਮ ਰੂਪ ਹਨ, ਖੋਜ ਦਰਸਾਉਂਦੀ ਹੈ ਕਿ ਹਰ ਸਾਲ ਆਸਟ੍ਰੇਲੀਆਈ ਕੰਪਨੀਆਂ ਦੀਆਂ ਕਾਰਾਂ ਵਿੱਚੋਂ ¼ ਕਾਰਾਂ ਦੁਰਘਟਨਾ ਵਿੱਚ ਸ਼ਾਮਲ ਹੁੰਦੀਆਂ ਹਨ।
- ਡਰਾਈਵਰ ਥਕਾਵਟ ਦਾ ਜ਼ੋਖਮ ਉਠਾ ਕੇ ਅਤੇ ਤੰਗ ਸਮਾਂ-ਸਾਰਣੀ ਨੂੰ ਪੂਰਾ ਕਰਨ ਲਈ ਗੱਡੀ ਨੂੰ ਤੇਜ਼ ਚਲਾ ਸਕਦੇ ਹਨ
- ਇੱਥੇ ਵਾਹਨ ਸੁਰੱਖਿਆ ਨੂੰ ਲੈ ਕੇ ਚਿੰਤਾ ਦੀ ਕਮੀ ਵੀ ਹੋ ਸਕਦੀ ਹੈ ਕਿਉਂਕਿ ਇਹ ਕੰਪਨੀ ਦੀ ਕਾਰ ਹੈ।
- ਇਹ ਯਾਦ ਰੱਖਣਾ ਅਹਿਮ ਹੈ ਕਿ ਸਾਰੀਆਂ ਕਾਰਾਂ ਇੱਕੋਂ ਜਿਹੀਆਂ ਨਹੀਂ ਬਣਾਈਆਂ ਜਾਂਦੀਆਂ ਹਨ। ਹਾਲਾਂਕਿ ਬਹੁਤ ਸਾਰੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਜਿਵੇਂ ਕਿ ਏਅਰਬੈਗ ਸਾਰੇ ਨਵੇਂ ਵਾਹਨਾਂ ਵਿੱਚ ਮਿਆਰੀ ਹਨ, ਇੱਥੇ ਨਵੀਆਂ ਤਕਨੀਕਾਂ ਵੀ ਹਨ ਜੋ ਵਾਹਨਾਂ ਵਿੱਚ ਨਹੀਂ ਹੁੰਦੀਆਂ ਹਨ।
- ਜਦੋਂ ਤੁਸੀਂ ਨਵੀਂ ਜਾਂ ਪੁਰਾਣੀ ਕਾਰ ਲਈ ਮਾਰਕੀਟ ਵਿੱਚ ਜਾਂਦੇ ਹੋ, ਤਾਂ ਖ਼ਰੀਦਣ ਤੋਂ ਪਹਿਲਾਂ ਸੁਰੱਖਿਆ ਰੇਟਿੰਗ ਅਤੇ ਉਪਲਬਧ ਕਈ ਕਿਸਮ ਦੀਆਂ ਸੁਰੱਖਿਆ ਤਕਨੀਕਾਂ ਦੀ ਜਾਂਚ ਕਰੋ। ਸੁਰੱਖਿਅਤ ਵਾਹਨ ਲੱਭਣ ਲਈ 'ਹਾਉ ਸੇਫ਼ ਇਜ਼ ਯੂਅਰ ਕਾਰ' ਵੈੱਬਸਾਈਟ 'ਤੇ ਜਾਓ।
ਸ਼ਹਿਰ ਵਿੱਚ ਗੱਡੀ ਚਲਾਉਣਾ
ਸ਼ਹਿਰ ਵਿੱਚ ਗੱਡੀ ਚਲਾਉਣਾ
ਜਦੋਂ ਤੁਸੀਂ ਸ਼ਹਿਰ ਵਿੱਚ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਵਾਹਨਾਂ, ਕੁੱਝ ਵੀ ਕਰ ਸਕਣ ਵਾਲੇ ਡਰਾਈਵਰਾਂ, ਟਰੱਕਾਂ, ਰੇਲ ਦੇ ਫ਼ਾਟਕਾਂ, ਸਾਈਕਲ ਸਵਾਰਾਂ, ਮੋਟਰਸਾਈਕਲਾਂ, ਪੈਦਲ ਚਾਲਕਾਂ, ਖ਼ਰਾਬ ਵਾਹਨਾਂ ਅਤੇ ਹੋਰ ਬਹੁਤ ਕੁੱਝ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਹਿਰ ਵਿੱਚ ਗੱਡੀ ਚਲਾਉਣ ਲਈ ਸੁਝਾਅ
- ਹੋਰ ਸੜਕ ਉਪਭੋਗਤਾ - ਸੜਕ 'ਤੇ ਦੂਜਿਆਂ ਦੇ ਵਿਵਹਾਰ ਦਾ ਅੰਦਾਜ਼ਾ ਲਗਾਓ - ਅੱਗੇ ਦੇਖੋ, ਪਿੱਛੇ ਦੇਖੋ ਅਤੇ ਅਚਾਨਕ ਕੁੱਝ ਹੋਣ ਲਈ ਤਿਆਰ ਰਹੋ।
- ਚੌਰਾਹੇ - ਚੌਰਾਹਿਆਂ ਵਿੱਚ ਗੱਡੀ ਚਲਾਉਂਦੇ ਸਮੇਂ ਚੰਗੀ ਤਰ੍ਹਾਂ ਧਿਆਨ ਰੱਖੋ - ਇਹ ਟੱਕਰ ਹੋਣ ਦੇ ਉੱਚ ਜ਼ੋਖਮ ਵਾਲੇ ਖੇਤਰ ਹਨ।
- ਸ਼ੀਸ਼ੇ - ਆਪਣੀ ਕਾਰ ਦੇ ਸਾਰੇ ਸ਼ੀਸ਼ੇ ਵਰਤੋ ਪਰ ਨਾ ਦਿੱਖਣ ਯੋਗ ਸਥਾਨਾਂ ਦਾ ਧਿਆਨ ਵੀ ਰੱਖੋ - ਕਤਾਰ ਬਦਲਣ ਜਾਂ ਸੜਕ ਦੇ ਕਿਨਾਰੇ ਤੋਂ ਗੱਡੀ ਬਾਹਰ ਕੱਢਣ ਤੋਂ ਪਹਿਲਾਂ ਹਮੇਸ਼ਾ ਆਪਣੇ ਮੋਢੇ ਉਪਰੋਂ ਤੇਜ਼ੀ ਨਾਲ ਦੇਖੋ।
- ਇੰਡੀਕੇਟਰ (ਇਸ਼ਾਰਾ ਬੱਤੀ) - ਮੁੜਨ ਜਾਂ ਕਤਾਰਾਂ ਨੂੰ ਬਦਲਦੇ ਸਮੇਂ ਹਮੇਸ਼ਾਂ ਇੰਡੀਕੇਟਰ ਦਿਓ।
- ਜਗ੍ਹਾ ਦਿਓ - ਸ਼ਹਿਰ ਵਿੱਚ ਗੱਡੀ ਚਲਾਉਣ ਵਿੱਚ ਭਾਰੀ ਆਵਾਜਾਈ ਸ਼ਾਮਲ ਹੋ ਸਕਦੀ ਹੈ, ਇਹ ਯਕੀਨੀ ਬਣਾਉਣਾ ਅਜੇ ਵੀ ਅਹਿਮ ਹੈ ਕਿ ਤੁਹਾਡੇ ਅਤੇ ਸਾਹਮਣੇ ਵਾਲੇ ਵਾਹਨ ਵਿਚਕਾਰ ਕਾਫ਼ੀ ਥਾਂ ਹੈ ਤਾਂ ਜੋ ਤੁਸੀਂ ਅੱਗੇ-ਪਿੱਛੇ ਦੀ (ਨੋਜ਼-ਟੂ-ਟੇਲ) ਟੱਕਰ ਤੋਂ ਬਚ ਸਕੋ।
- ਜ਼ੋਖਮ ਗ੍ਰਸਤ ਸੜਕ ਵਰਤਣ ਵਾਲਿਆਂ ਲਈ ਧਿਆਨ ਰੱਖੋ - ਸਾਈਕਲਾਂ ਅਤੇ ਮੋਟਰਸਾਈਕਲਾਂ 'ਤੇ ਸਵਾਰ ਲੋਕਾਂ ਨੂੰ ਹਾਦਸੇ ਵਿੱਚ ਸੱਟ ਲੱਗਣ ਦਾ ਵਧੇਰੇ ਜ਼ੋਖਮ ਹੁੰਦਾ ਹੈ। ਇਹ ਯਕੀਨੀ ਬਣਾਓ ਕਿ ਤੁਸੀਂ ਉਹਨਾਂ ਲਈ ਆਸ-ਪਾਸ ਦੇਖਦੇ ਹੋ ਖ਼ਾਸ ਕਰਕੇ ਜਦੋਂ ਕਾਰ ਪਾਰਕ ਵਿੱਚ ਗੱਡੀ ਖੜ੍ਹੀ ਅਤੇ ਬਾਹਰ ਕੱਢਦੇ ਹੋ।
- ਆਪਣੇ-ਆਪ ਨੂੰ ਸ਼ਾਂਤ ਰੱਖੋ - ਤੁਸੀਂ ਸੜਕ 'ਤੇ ਹਰ ਚੀਜ਼ ਨੂੰ ਕਾਬੂ ਨਹੀਂ ਕਰ ਸਕਦੇ ਹੋ ਅਤੇ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਹਨ ਜੋ ਤੁਹਾਨੂੰ ਖਿਝਾ ਸਕਦੀਆਂ ਹਨ। ਸ਼ਾਂਤ ਰਹਿਣ ਨਾਲ ਤੁਹਾਨੂੰ ਗੱਡੀ ਚਲਾਉਂਦੇ ਸਮੇਂ ਜ਼ੋਖਮ ਭਰੇ ਫ਼ੈਸਲੇ ਲੈਣ ਤੋਂ ਬਚਣ ਵਿੱਚ ਮੱਦਦ ਮਿਲੇਗੀ।
- ਹੁੱਕ ਟਰਨ - ਮੈਲਬੌਰਨ CBD ਦੇ ਕੁੱਝ ਚੌਰਾਹੇ ਸਿਰਫ਼ ਹੁੱਕ ਟਰਨ ਨਾਲ ਮੁੜਨ ਦੀ ਆਗਿਆ ਦਿੰਦੇ ਹਨ। ਯਕੀਨੀ ਬਣਾਓ ਕਿ ਤੁਸੀਂ ਜਾਣੂ ਹੋ ਕਿ ਇਹਨਾਂ ਨੂੰ ਕਿਵੇਂ ਕਰਨਾ ਹੈ ਤਾਂ ਜੋ ਤੁਸੀਂ ਉਸ ਸਮੇਂ ਤਣਾਅ ਵਿੱਚ ਨਾ ਆਓ। VicRoads ਵੈੱਬਸਾਈਟ 'ਤੇ ਹੋਰ ਜਾਣੋ
ਖੇਤਰੀ ਡਰਾਈਵਰ
ਖੇਤਰੀ ਇਲਾਕਿਆਂ ਵਿੱਚ ਗੱਡੀ ਚਲਾਉਣਾ
ਖੇਤਰੀ ਸੜਕਾਂ 'ਤੇ ਗੱਡੀ ਚਲਾਉਣਾ ਸ਼ਹਿਰ ਜਾਂ ਟਾਊਨ ਵਿੱਚ ਗੱਡੀ ਚਲਾਉਣ ਤੋਂ ਪੂਰੀ ਤਰ੍ਹਾਂ ਵੱਖਰਾ ਹੋ ਸਕਦਾ ਹੈ। ਵੱਧ ਸਪੀਡ, ਸੜਕਾਂ ਦੀ ਵੱਖਰੀ ਸਤ੍ਹਾ ਅਤੇ ਵਧੇਰੇ ਜੰਗਲੀ ਜੀਵ ਖੇਤਰੀ ਇਲਾਕੇ ਵਿੱਚ ਗੱਡੀ ਚਲਾਉਣ ਨੂੰ ਵਧੇਰੇ ਚੁਣੌਤੀਪੂਰਨ ਬਣਾ ਸਕਦੇ ਹਨ।
ਖੇਤਰੀ ਇਲਾਕੇ ਵਿੱਚ ਗੱਡੀ ਚਲਾਉਣ ਸੰਬੰਧੀ ਸੁਝਾਅ:
- ਸੁਰੱਖਿਅਤ ਦੂਰੀ - ਆਪਣੇ ਸਾਹਮਣੇ ਜਾਂਦੀ ਕਾਰ ਤੋਂ ਇੱਕ ਸੁਰੱਖਿਅਤ ਦੂਰੀ ਰੱਖੋ ਅਤੇ ਘੱਟੋ-ਘੱਟ ਦੋ ਸਕਿੰਟ ਦਾ ਫ਼ਰਕ ਰੱਖੋ - ਤਿੰਨ ਸਕਿੰਟ ਬੇਹਤਰੀਨ ਹੈ। ਜੇਕਰ ਡਰਾਈਵਿੰਗ ਦੀਆਂ ਸਥਿਤੀਆਂ ਮੀਂਹ ਜਾਂ ਘੱਟ ਦਿਖਣਯੋਗਤਾ ਨਾਲ ਪ੍ਰਭਾਵਿਤ ਹੋ ਜਾਂਦੀਆਂ ਹਨ ਤਾਂ ਫ਼ਰਕ ਨੂੰ ਘੱਟੋ-ਘੱਟ ਚਾਰ ਸਕਿੰਟਾਂ ਤੱਕ ਵਧਾਓ।
- ਓਵਰਟੇਕਿੰਗ - ਅੱਗੇ ਨਾ ਲੰਘੋ ਜਦੋਂ ਤੱਕ ਅਜਿਹਾ ਕਰਨਾ ਸੁਰੱਖਿਅਤ ਨਾ ਹੋਵੇ। ਖੱਬੇ ਪਾਸੇ ਵਾਪਸ ਜਾਣ ਵੇਲੇ ਕਿਸੇ ਹੋਰ ਵਾਹਨ ਤੋਂ ਅੱਗੇ ਲੰਘਣ ਤੋਂ ਬਾਅਦ ਕਾਫ਼ੀ ਜਗ੍ਹਾ ਛੱਡੋ।
- ਖੱਬੇ ਪਾਸੇ ਰਹੋ - ਅੱਗੇ ਲੰਘਣ ਤੋਂ ਬਿਨ੍ਹਾਂ, ਹਮੇਸ਼ਾ ਖੱਬੀ ਕਤਾਰ ਵਿੱਚ ਰਹੋ। ਇਹ ਕੇਵਲ ਨਿਮਰਤਾ ਵਾਲਾ ਵਤੀਰਾ ਨਹੀਂ ਹੈ; ਕਾਨੂੰਨ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਗਤੀ ਸੀਮਾ ਵਾਲੀ ਬਹੁ-ਕਤਾਰੀ ਸੜਕ 'ਤੇ ਵਾਹਨ ਨੂੰ ਸੱਜੀ ਕਤਾਰ ਤੋਂ ਬਾਹਰ ਰੱਖਣ ਦੀ ਮੰਗ ਕਰਦਾ ਹੈ।
- ਜੰਗਲੀ ਜੀਵਾਂ ਲਈ ਦੇਖੋ - ਖੇਤਰੀ ਸੜਕਾਂ 'ਤੇ ਵਧੇਰੇ ਜੰਗਲੀ ਜੀਵ ਹਨ, ਸਵੇਰ ਅਤੇ ਸ਼ਾਮ ਵੇਲੇ ਵੱਧ ਧਿਆਨ ਰੱਖੋ ਜਦੋਂ ਜੰਗਲੀ ਜੀਵਾਂ ਦੇ ਵਧੇਰੇ ਸਰਗਰਮ ਹੋਣ ਦੀ ਸੰਭਾਵਨਾ ਹੁੰਦੀ ਹੈ।
- ਥਕਾਵਟ - ਖੇਤਰੀ ਡ੍ਰਾਈਵਿੰਗ ਵਿੱਚ ਲੰਮੀ ਦੂਰੀ ਅਤੇ ਲੰਬੇ ਡ੍ਰਾਈਵਿੰਗ ਸਮੇਂ ਸ਼ਾਮਲ ਹੋਣ ਦੀ ਸੰਭਾਵਨਾ ਹੈ। ਡਰਾਈਵਰ ਦੀ ਥਕਾਵਟ ਸਾਡੀਆਂ ਸੜਕਾਂ 'ਤੇ 20% ਮੌਤਾਂ ਦਾ ਕਾਰਨ ਬਣਦੀਹੈ।
ਸੁਰੱਖਿਅਤ ਡਰਾਈਵਿੰਗ ਲਈ ਸੁਝਾਅ
ਰਾਤ ਸਮੇਂ ਗੱਡੀ ਚਲਾਉਣਾ
ਰਾਤ ਨੂੰ ਹਾਦਸਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਦੂਰ ਦਿਸਣਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਦੂਜੇ ਵਾਹਨਾਂ ਅਤੇ ਸੜਕ ਵਰਤਣ ਵਾਲਿਆਂ ਦਾ ਪਤਾ ਲਗਾਉਣਾ ਔਖਾ ਹੁੰਦਾ ਹੈ ਅਤੇ ਹੋਰ ਵਾਹਨਾਂ ਦੀਆਂ ਲਾਈਟਾਂ ਦੂਰੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਬਣਾ ਸਕਦੀਆਂ ਹਨ। ਰਾਤ ਦੇ ਸਮੇਂ ਵਧੇਰੇ ਸੜਕ ਵਰਤਣ ਵਾਲੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਹੋ ਸਕਦੇ ਹਨ ਜਿਸ ਨਾਲ ਉਨ੍ਹਾਂ ਦਾ ਵਿਵਹਾਰ ਵੱਧ ਗੈਰ-ਅਨੁਮਾਨਿਤ ਅਤੇ ਖ਼ਤਰਨਾਕ ਹੁੰਦਾ ਹੈ।
ਰਾਤ ਸਮੇਂ ਗੱਡੀ ਚਲਾਉਣ ਸੰਬੰਧੀ ਸੁਝਾਅ:
- ਹੈੱਡਲਾਈਟਾਂ - ਸੂਰਜ ਡੁੱਬਣ ਅਤੇ ਸੂਰਜ ਚੜ੍ਹਨ ਦੇ ਵਿਚਕਾਰ ਅਗ਼ਲੀਆਂ ਅਤੇ ਪਿਛਲੀਆਂ ਲਾਈਟਾਂ ਲਾਜ਼ਮੀ ਜਗੀਆਂ ਹੋਣੀਆਂ ਚਾਹੀਦੀਆਂ ਹਨ। ਜਦੋਂ ਕੋਈ ਹੋਰ ਵਾਹਨ 200 ਮੀਟਰ ਦੀ ਦੂਰੀ ਦੇ ਅੰਦਰ ਹੋਵੇ ਤਾਂ ਤੁਹਾਨੂੰ ਆਪਣੀਆਂ ਹੈੱਡਲਾਈਟਾਂ ਘੱਟ ਬੀਮ 'ਤੇ ਕਰਨੀਆਂ ਲਾਜ਼ਮੀ ਹਨ। ਇਸ ਵਿੱਚ ਕਿਸੇ ਹੋਰ ਵਾਹਨ ਦੇ ਪਿੱਛੇ 200 ਮੀਟਰ ਜਾਂ ਘੱਟ ਦੂਰੀ 'ਤੇ ਗੱਡੀ ਚਲਾਉਣ ਵੇਲੇ ਹੈੱਡਲਾਈਟਾਂ ਨੂੰ ਡਿੱਪ (ਲਾਈਟਾਂ ਸੜਕ ਵੱਲ ਨੂੰ ਨੀਵੀਆਂ) ਕਰਨਾ ਸ਼ਾਮਲ ਹੈ।
- ਤੁਹਾਡੇ ਵੱਲ ਆ ਰਹੀਆਂ ਕਾਰਾਂ - ਜਦੋਂ ਕੋਈ ਹਾਈ-ਬੀਮ ਹੈੱਡਲਾਈਟਾਂ ਵਾਲੀ ਕਾਰ ਤੁਹਾਡੇ ਵੱਲ ਆ ਰਹੀ ਹੁੰਦੀ ਹੈ ਤਾਂ ਸੜਕ ਦੇ ਖੱਬੇ ਪਾਸੇ ਵੱਲ ਦੇਖੋ ਅਤੇ ਆਪਣੀ ਕਤਾਰ ਦੇ ਖੱਬੇ ਪਾਸੇ ਵੱਲ ਨੂੰ ਗੱਡੀ ਚਲਾਓ। ਜੇ ਲਾਈਟਾਂ ਤੁਹਾਡੀਆਂ ਅੱਖਾਂ ਨੂੰ ਚੁੰਧਿਆਂ ਦਿੰਦੀਆਂ ਹਨ ਤਾਂ ਅੱਖਾਂ ਨੂੰ ਠੀਕ ਹੋਣ ਦੇਣ ਲਈ ਤੁਹਾਨੂੰ ਹੌਲੀ ਕਰਨ ਅਤੇ ਇੱਕ ਪਾਸੇ ਗੱਡੀ ਖੜ੍ਹਾਉਣ ਦੀ ਲੋੜ ਹੋ ਸਕਦੀ ਹੈ।
- ਬਰੇਕਡਾਊਨ (ਗੱਡੀ ਖ਼ਰਾਬ ਹੋਣਾ) - ਜੇਕਰ ਤੁਹਾਡਾ ਵਾਹਨ ਸੜਕ 'ਤੇ ਖ਼ਰਾਬ ਹੋ ਜਾਂਦਾ ਹੈ ਤਾਂ ਯਕੀਨੀ ਬਣਾਓ ਕਿ ਹੋਰ ਡਰਾਈਵਰ ਤੁਹਾਡੀ ਕਾਰ ਨੂੰ ਦੇਖ ਸਕਣ ਅਤੇ ਸਮੇਂ ਸਿਰ ਰੁਕ ਸਕਣ। ਜੇਕਰ ਤੁਹਾਡੇ ਕੋਲ ਖ਼ਤਰੇ ਦੀ ਚੇਤਾਵਨੀ ਵਾਲੀਆਂ (ਹੈਜ਼ਰਡ) ਲਾਈਟਾਂ ਹਨ ਤਾਂ ਉਹਨਾਂ ਨੂੰ ਚਾਲੂ ਕਰੋ। ਜੇ ਸੰਭਵ ਹੋਵੇ, ਤਾਂ ਸੜਕ ਦੇ ਇੱਕ ਪਾਸੇ ਹੋ ਜਾਓ ਪਰ ਕਿਸੇ ਪਹਾੜੀ ਦੇ ਉੱਪਰ ਜਾਂ ਕਿਸੇ ਮੋੜ ਦੇ ਆਸ-ਪਾਸ ਰੁਕਣ ਤੋਂ ਬਚੋ।
- ਰਿਫਲੈਕਟਰ - ਖੇਤਰੀ ਇਲਾਕਿਆਂ ਵਿੱਚ ਰਿਫਲੈਕਟਰ ਜਾਂ ਗਾਈਡ ਪੋਸਟ ਤੁਹਾਨੂੰ ਅੱਗੇ ਦੀ ਸੜਕ ਦੇਖਣ ਵਿੱਚ ਮੱਦਦ ਕਰਦੇ ਹਨ। ਲਾਲ ਰਿਫਲੈਕਟਰ ਹਮੇਸ਼ਾ ਸੜਕ ਦੇ ਖੱਬੇ ਪਾਸੇ ਅਤੇ ਸਫ਼ੈਦ ਰਿਫਲੈਕਟਰ ਸੱਜੇ ਪਾਸੇ ਹੁੰਦੇ ਹਨ।
ਮੌਸਮ ਦੇ ਹਾਲਾਤ
ਮੀਂਹ, ਧੁੰਦ, ਬਰਫ਼ ਅਤੇ ਚਮਕਦਾਰ ਧੁੱਪ ਵਿੱਚ ਗੱਡੀ ਚਲਾਉਣਾ ਵਾਧੂ ਧਿਆਨ ਦੀ ਮੰਗ ਕਰਦਾ ਹੈ ਕਿਉਂਕਿ ਇਹ ਸਥਿਤੀਆਂ ਦੇਖਣ ਦੀ ਯੋਗਤਾ ਨੂੰ ਘਟਾ ਸਕਦੀਆਂ ਹਨ ਜਾਂ ਤਿਲਕਣ ਅਤੇ ਕੰਟਰੋਲ ਗੁਆਉਣ ਦੇ ਜ਼ੋਖਮ ਨੂੰ ਵਧਾ ਸਕਦੀਆਂ ਹਨ।
ਸਾਰੇ ਮੌਸਮੀ ਹਲਾਤਾਂ ਲਈ ਸੁਝਾਅ
- ਸਪੀਡ ਘਟਾਓ - ਖ਼ਰਾਬ ਮੌਸਮ ਵਿੱਚ ਸਪੀਡ ਘਟਾਓ ਕਿਉਂਕਿ ਜੇਕਰ ਕੁੱਝ ਗਲਤ ਹੋ ਜਾਂਦਾ ਹੈ ਤਾਂ ਤੁਹਾਡੇ ਕੋਲ ਰਿਕਵਰੀ/ਕਾਰਵਾਈ ਕਰਨ ਲਈ ਕਾਫ਼ੀ ਸਮਾਂ ਹੁੰਦਾ ਹੈ।
- ਧੁੰਦ - ਜੇਕਰ ਤੁਸੀਂ ਅੱਗੇ ਧੁੰਦ ਅਤੇ ਗੁਬਾਰ ਦੇਖਦੇ ਹੋ ਤਾਂ ਇਸ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਪੀਡ ਨੂੰ ਘਟਾਓ। ਬਹੁਤ ਸੰਘਣੀ ਧੁੰਦ ਵਿੱਚ ਇਹ ਯਕੀਨੀ ਬਣਾਓ ਕਿ ਤੁਸੀਂ ਹਮੇਸ਼ਾਂ ਜਾਣਦੇ ਹੋ ਕਿ ਤੁਸੀਂ ਸੜਕ 'ਤੇ ਕਿੱਥੇ ਹੋ ਅਤੇ ਕਦੇ ਵੀ ਅਜਿਹੀ ਰਫ਼ਤਾਰ ਨਾਲ ਗੱਡੀ ਨਾ ਚਲਾਓ ਜੋ ਤੁਹਾਨੂੰ ਅੰਦਾਜ਼ਾ ਲਗਾਉਣ ਲਈ ਮਜਬੂਰ ਕਰਦੀ ਹੈ ਕਿ ਅੱਗੇ ਕੀ ਹੈ। ਓਵਰਟੇਕ ਕਰਨ ਤੋਂ ਬਚੋ।
- ਮੀਂਹ - ਭਾਰੀ ਮੀਂਹ ਦਾ ਅਸਰ ਘੱਟ ਦਿਖਾਈ ਦੇਣ ਦੇ ਨਾਲ ਧੁੰਦ ਵਰਗਾ ਹੀ ਹੋ ਸਕਦਾ ਹੈ, ਜਿਸ ਨਾਲ ਇਹ ਅੰਦਾਜ਼ਾ ਲਗਾਉਣਾ ਔਖਾ ਹੋ ਸਕਦਾ ਹੈ ਕਿ ਤੁਸੀਂ ਦੂਜੇ ਵਾਹਨਾਂ ਦੇ ਹਿਸਾਬ ਨਾਲ ਸੜਕ 'ਤੇ ਕਿੱਥੇ ਹੋ।
- ਬਰਫ਼ - ਬਰਫ਼ 'ਤੇ ਅਤੇ ਬਰਫ਼ਬਾਰੀ ਵਿੱਚ ਸੜਕ 'ਤੇ ਟਾਇਰ ਦੀ ਪਕੜ (ਟ੍ਰੈਕਸ਼ਨ) ਬਰਕਰਾਰ ਰੱਖਣ ਲਈ ਹੌਲੀ-ਹੌਲੀ ਗੱਡੀ ਚਲਾਓ। ਬ੍ਰੇਕ ਸਹਿਜਤਾ ਨਾਲ ਲਾਉਣੇ ਚਾਹੀਦੇ ਹਨ ਅਤੇ ਆਖਰੀ ਸਕਿੰਟ ਲਈ ਨਹੀਂ ਛੱਡੇ ਜਾਣੇ ਚਾਹੀਦੇ ਹਨ, ਅਤੇ ਟਾਇਰ ਦੇ ਘੁੰਮਣ ਅਤੇ ਕੰਟਰੋਲ ਗੁਆਉਣ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਲਈ ਐਕਸਲੇਟਰ 'ਤੇ ਇੱਕਸਾਰ ਦਬਾਅ ਦੀ ਵਰਤੋਂ ਕਰੋ।
- ਸੂਰਜ ਦੀ ਲਿਸ਼ਕ - ਸਿੱਧੇ ਸੂਰਜ ਤੋਂ ਜਾਂ ਹੋਰ ਕਾਰਾਂ ਅਤੇ ਵਸਤੂਆਂ ਤੋਂ ਪ੍ਰਤੀਬਿੰਬਿਤ ਹੋ ਕੇ ਆਉਣ ਵਾਲੀ ਸੂਰਜ ਦੀ ਰੌਸ਼ਨੀ ਤੋਂ ਦਿਖਾਈ ਦੇਣਾ ਬੰਦ ਕਰਨ ਵਾਲੀ ਲਿਸ਼ਕੋਰ ਤੋਂ ਸਾਵਧਾਨ ਰਹੋ। ਤੁਹਾਨੂੰ ਸਪੀਡ ਨੂੰ ਘਟਾਉਣ ਦੇ ਨਾਲ-ਨਾਲ ਸਨ ਵਿਜ਼ਰ (ਸੂਰਜ ਦੀ ਲਿਸ਼ਕ ਤੋਂ ਬਚਾਓ ਲਈ ਵਿੰਡਸਕ੍ਰੀਨ 'ਤੇ ਲੱਗੀ ਸਕ੍ਰੀਨ) ਅਤੇ ਧੁੱਪ ਵਾਲੀਆਂ ਐਨਕਾਂ ਵਰਗੇ ਸਹਾਇਕ ਉਪਕਰਨਾਂ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ।
- ਹੈਜ਼ਰਡ ਲਾਈਟਾਂ - ਇਹਨਾਂ ਨੂੰ ਖ਼ਤਰੇ ਵਾਲੇ ਮੌਸਮੀ ਹਾਲਾਤਾਂ ਵਿੱਚ ਚਾਲੂ ਕਰੋ ਜਿੱਥੇ ਦਿੱਖਣਾ ਘੱਟ ਹੋ ਜਾਂਦਾ ਹੈ।
ਪਿੱਛੇ ਟ੍ਰੇਲਰ ਪਾਉਣਾ
ਕੋਈ ਵੀ ਵਾਹਨ ਜਿਸ ਨੂੰ ਤੁਸੀਂ ਕਾਰ ਦੇ ਪਿੱਛੇ ਖਿੱਚਦੇ ਹੋ, ਉਸ ਨੂੰ ਟ੍ਰੇਲਰ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਭਾਵੇਂ ਉਹ ਕੈਰਾਵੈਨ, ਘੋੜੇ ਵਾਲੀ ਫਲੋਟ, ਕਿਸ਼ਤੀ, ਮੋਬਾਈਲ ਮਸ਼ੀਨਰੀ ਜਾਂ ਅਜਿਹਾ ਕੋਈ ਹੋਰ ਯੰਤਰ ਹੋਵੇ। ਟ੍ਰੇਲਰ ਨੂੰ ਖਿੱਚਣ ਵੇਲੇ ਕਾਰਾਂ ਵੱਖਰੇ ਢੰਗ ਨਾਲ ਕਾਰਗੁਜ਼ਾਰੀ ਕਰਦੀਆਂ ਹਨ। ਰਫ਼ਤਾਰ ਫੜ੍ਹਨਾ ਹੌਲੀ ਹੁੰਦਾ ਹੈ ਅਤੇ ਇਸ ਨੂੰ ਰੁਕਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਪਾਸੇ ਚੱਲਦੀਆਂ ਹਵਾਵਾਂ, ਦੂਜੇ ਵਾਹਨਾਂ ਦਾ ਕੋਲੋਂ ਲੰਘਣਾ, ਸੜਕ 'ਤੇ ਬਣੇ ਬੰਪ ਅਤੇ ਟੋਏ ਵਾਹਨ ਦੀ ਸਥਿਰਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਟ੍ਰੇਲਰਾਂ ਨੂੰ ਪਿੱਛੇ ਪਾਉਣ ਦਾ ਮਤਲਬ ਹੈ ਕਿ ਤੁਹਾਨੂੰ ਵਧੇਰੇ ਧਿਆਨ ਦੇਣ ਅਤੇ ਤੁਹਾਡੇ 'ਤੇ ਪਈਆਂ ਵਾਧੂ ਮੰਗਾਂ ਨੂੰ ਸੰਭਾਲਣ ਲਈ ਗੱਡੀ ਚਲਾਉਣ ਦੀਆਂ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਨ ਦੀ ਲੋੜ ਹੈ।
ਟ੍ਰੇਲਰਾਂ ਨੂੰ ਪਿੱਛੇ ਪਾਉਣ ਲਈ ਸੁਝਾਅ:
- ਅੱਗੇ ਦੇਖੋ - ਹੋਰ ਆਵਾਜਾਈ ਅਤੇ ਸੜਕ ਦੀਆਂ ਸਥਿਤੀਆਂ ਦੀ ਗਤੀ ਦਾ ਅੰਦਾਜ਼ਾ ਲਗਾਉਣ ਲਈ ਆਮ ਨਾਲੋਂ ਵੱਧ ਅੱਗੇ ਦੇਖੋ।
- ਦੂਰੀ - ਅੱਗੇ ਜਾਂਦੇ ਵਾਹਨ ਤੋਂ ਵੱਧ ਦੂਰੀ ਰੱਖੋ ਕਿਉਂਕਿ ਟ੍ਰੇਲਰ ਦੇ ਭਾਰ ਕਾਰਨ ਸੜਕ 'ਤੇ ਰੁਕਣ ਲਈ ਵਧੇਰੇ ਜਗ੍ਹਾ ਦੀ ਲੋੜ ਹੁੰਦੀ ਹੈ।
- ਓਵਰਟੇਕਿੰਗ - ਜੇਕਰ ਦੂਜੇ ਵਾਹਨਾਂ ਨੂੰ ਓਵਰਟੇਕ ਕਰ ਰਹੇ ਹੋ, ਤਾਂ ਅਜਿਹਾ ਕਰਨ ਲਈ ਜ਼ਿਆਦਾ ਥਾਂ ਦਿਓ। ਲੰਬੇ ਜਾਂ ਉੱਚੇ ਢਲਾਣ ਵਾਲੀਆਂ ਪਹਾੜੀਆਂ 'ਤੇ ਵਾਹਨ ਦੇ ਨਿਯੰਤਰਣ ਨੂੰ ਵਧਾਉਣ ਅਤੇ ਬ੍ਰੇਕਾਂ 'ਤੇ ਘੱਟ ਦਬਾਅ ਪਾਉਣ ਲਈ ਛੋਟੇ ਗੇਅਰ ਦੀ ਚੋਣ ਕਰੋ।
- ਸਵੈਅ (ਝੋਲ) - ਅਚਾਨਕ ਕਤਾਰ ਬਦਲਣ ਜਾਂ ਕੱਟ ਮਾਰਨ ਤੋਂ ਪਰਹੇਜ਼ ਕਰਕੇ ਝੋਲ ਪੈਣ ਦੇ ਜ਼ੋਖਮ ਨੂੰ ਘਟਾਓ। ਜੇਕਰ ਝੋਲ ਪੈ ਜਾਂਦਾ ਹੈ, ਤਾਂ ਜਦੋਂ ਤੱਕ ਤੁਸੀਂ ਮੁੜ ਕਾਬੂ ਵਿੱਚ ਨਹੀਂ ਕਰ ਲੈਂਦੇ ਹੋ ਉਦੋਂ ਤੱਕ ਇੱਕ ਸਥਿਰ ਸਪੀਡ ਬਣਾਈ ਰੱਖੋ ਜਾਂ ਥੋੜ੍ਹਾ ਤੇਜ਼ ਕਰੋ। ਜਦੋਂ ਤੱਕ ਬਿਲਕੁਲ ਜ਼ਰੂਰੀ ਨਾ ਹੋਵੇ, ਬ੍ਰੇਕ ਨਾ ਲਗਾਓ। ਪਾਸੇ ਚਲਦੀਆਂ ਤੇਜ਼ ਹਵਾਵਾਂ ਵੱਡੇ ਰਿਗਾਂ ਜਿਵੇਂ ਕਿ ਕੈਰਾਵੈਨ ਨੂੰ ਡੁਲਾ ਸਕਦੀਆਂ ਹਨ। ਜੇ ਹਾਲਾਤ ਬਹੁਤ ਖ਼ਰਾਬ ਹਨ, ਤਾਂ ਟੋਅ ਨਾ ਕਰਨਾ ਬਿਹਤਰ ਹੈ।
- ਬਾਕੀ ਦੀ ਆਵਾਜਾਈ - ਜੇਕਰ ਤੁਹਾਡੇ ਪਿੱਛੇ ਇੱਕ ਲੰਬੀ ਕਤਾਰ ਬਣ ਜਾਂਦੀ ਹੈ, ਜਿੱਥੇ ਸੰਭਵ ਹੋਵੇ ਪਿੱਛੇ ਆਉਂਦੇ ਵਾਹਨਾਂ ਨੂੰ ਤੁਹਾਡੇ ਤੋਂ ਅੱਗੇ ਲੰਘ ਲੈਣ ਦਿਓ। ਇਸਦਾ ਅਰਥ ਸਮੇਂ-ਸਮੇਂ 'ਤੇ ਪਾਸੇ ਹੋਣਾ ਅਤੇ ਰੁਕਣਾ ਹੋ ਸਕਦਾ ਹੈ।